ਲੁਧਿਆਣਾ ( ਜਸਟਿਸ ਨਿਊਜ਼ )
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬੀਆਂ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਉਹਨਾਂ ਨੇ ਇਕਜੁੱਟ ਹੋ ਕੇ ਅਰਵਿੰਦ ਕੇਜਰੀਵਾਲ ਤੇ ਉਸਦੇ ਟੋਲੇ ਨੂੰ ਲੈਂਡ ਪੂਲਿੰਗ ਸਕੀਮ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ ਅਤੇ ਪਾਰਟੀ ਨੇ ਕਿਹਾ ਕਿ ਉਹ ਜਲਦੀ ਹੀ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦੇ ਨਾ ਨਿਭਾਉਣ ’ਤੇ ਆਪ ਸਰਕਾਰ ਨੂੰ ਕਰੜੇ ਹੱਥੀਂ ਲੈਣ ਲਈ ਲੋਕ ਲਹਿਰ ਪ੍ਰੋਗਰਾਮ ਸ਼ੁਰੂ ਕਰੇਗੀ।
ਇਥੇ ਇਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਹੀਰਾ ਸਿੰਘ ਗਾਬੜੀਆ, ਸ਼ਰਨਜੀਤ ਸਿੰਘ ਢਿੱਲੋਂ ਰਣਜੀਤ ਸਿੰਘ ਢਿੱਲੋਂ ਅਤੇ ਹਰੀਸ਼ ਰਾਏ ਢਾਂਡਾ ਨੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਤਾਰ ਧਰਨੇ ਦੇ ਕੇ ਆਪ ਸਰਕਾਰ ਦੇ ਖਿਲਾਫ ਸੁਨਾਮੀ ਖੜ੍ਹੀ ਕਰਨ ਦੀ ਵੀ ਸ਼ਲਾਘਾ ਕੀਤੀ।ਉਹਨਾਂ ਕਿਹਾ ਕਿ ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਧਰਮ ਯੁੱਧ ਮੋਰਚੇ ਦੀ ਅਗਵਾਈ ਕੀਤੀ, ਉਸੇ ਤਰੀਕੇ ਸਾਡੇ ਪਾਰਟੀ ਪ੍ਰਧਾਨ ਨੇ ਨਾ ਸਿਰਫ 65,000 ਏਕੜ ਜ਼ਮੀਨ ਐਕਵਾਇਰ ਕਰਨ ਦਾ ਵਿਰੋਧ ਕੀਤਾ ਬਲਕਿ ਜ਼ਮੀਨ ਹਥਿਆਉਣ ਦੀ ਸਕੀਮ ਨੂੰ ਬੇਨਕਾਬ ਵੀ ਕੀਤਾ। ਉਹਨਾਂ ਕਿਹਾ ਕਿ ਉਤਸ਼ਾਹ ਨਾਲ ਕੀਤੇ ਇਸ ਵਿਰੋਧ ਜਿਸ ਤਹਿਤ ਚਾਰ ਧਰਨੇ ਲੁਧਿਆਣਾ, ਬਠਿੰਡਾ, ਮੁਹਾਲੀ ਤੇ ਪਟਿਆਲਾ ਤੋਂ ਲਗਾਏ ਗਏ ਤੇ 1 ਸਤੰਬਰ ਤੋਂ ਮੋਰਚਾ ਲਗਾਉਣ ਦਾ ਐਲਾਨ ਕੀਤਾ ਗਿਆ, ਨੇ ਆਪ ਸਰਕਾਰ ਨੂੰ ਪ੍ਰੇਸ਼ਾਨ ਕਰ ਕੇ ਰੱਖ ਦਿੱਤਾ ਤੇ ਇਸਨੂੰ ਸਕੀਮ ਵਾਪਸ ਲੈਣ ਲਈ ਮਜਬੂਰ ਕੀਤਾ।
ਸਰਦਾਰ ਗਾਬੜੀਆ ਨੇ ਸਭਾਵਾਂ ਤੇ ਸੁਸਾਇਟੀਆਂ ਸਮੇਤ ਲੈਂਡ ਪੂਲਿੰਗ ਸਕੀਮ ਵਾਪਸ ਲੈਣ ਲਈ ਲੋਕਾਂ ਨੂੰ ਇਕਜੁੱਟ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਅਕਾਲੀ ਦਲ ਜਲਦੀ ਹੀ ਆਪ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਾਸਤੇ ਮਜਬੂਰ ਕਰਨ ਵਾਸਤੇ ਲੋਕ ਲਹਿਰ ਪ੍ਰੋਗਰਾਮ ਦੀ ਸ਼ੁਰੂਆਤ ਕਰੇਗਾ। ਉਹਨਾਂ ਕਿਹਾ ਕਿ ਅਸੀਂ ਜਿਵੇਂ ਲੈਂਡ ਪੂਲਿੰਗ ਸਕੀਮ ਦਾ ਵਿਰੋਧ ਕੀਤਾ, ਇਸੇ ਤਰੀਕੇ ਇਸ ਵਾਸਤੇ ਲੋਕ ਲਹਿਰ ਸਿਰਜਾਂਗੇ। ਉਹਨਾਂ ਕਿਹਾ ਕਿ ਅਸੀਂ ਹਰ ਕਿਸੇ ਨੂੰ ਨਾਲ ਲੈ ਕੇ ਤੁਰਾਂਗੇ।
ਇਸ ਦੌਰਾਨ ਜਦੋਂ ਕੱਲ੍ਹ ਬਣੇ ਵੱਖਰਾ ਚੁੱਲ੍ਹਾ ਦਲ ਬਾਰੇ ਪੁੱਛਿਆ ਗਿਆ ਤਾਂ ਸਰਦਾਰ ਗਾਬੜੀਆ ਨੇ ਕਿਹਾ ਕਿ ਇਸਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬੀਆਂ ਦੀਆਂ ਸ਼ਿਕਾਇਤਾਂ ਦੂਰ ਕਰਨ ਤੋਂ ਨਾਂਹ ਕਰਨ ਵਾਸਤੇ ਨਾ ਤਾਂ ਕੇਂਦਰ ਸਰਕਾਰ ਨੂੰ ਕਰੜੇ ਹੱਥੀਂ ਲਿਆ ਹੈ ਤੇ ਨਾ ਹੀ ਸੂਬੇ ਦੇ ਲੋਕਾਂ ਦੇ ਹਿੱਤਾਂ ਦੀ ਪੂਰਤੀ ਵਾਸਤੇ ਆਪ ਸਰਕਾਰ ਦੀ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਗਿਆਨੀ ਹਰਪ੍ਰੀਤ ਦਾ ਏਜੰਡਾ ਪੰਜਾਬ ਦੇ ਹਿੱਤਾਂ ਦੀ ਰਾਖੀ ਨਹੀਂ ਹੈ ਤੇ ਨਾ ਹੀ ਇਸਦੇ ਲੋਕਾਂ ਦੇ ਹਿੱਤਾਂ ਦੀ ਪੂਰਤੀ ਹੈ। ਉਹਨਾਂ ਕਿਹਾ ਕਿ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ ਤੇ ਦਿੱਲੀ ਦੀਆਂ ਪਾਰਟੀਆਂ ਦੇ ਕਹਿਣ ’ਤੇ ਇਸਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ।
ਇਹਨਾਂ ਆਗੂਆਂ ਨੇ ਸਪਸ਼ਟ ਕੀਤਾ ਕਿ ਪੰਜਾਬ ਵਿਚ ਅਨੇਕਾਂ ਵਾਰ ਨਵੀਂਆਂ ਪਾਰਟੀਆਂ ਜੰਮੀਆਂ ਹਨ ਅਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਨਵੀਂ ਜਥੇਬੰਦੀ ਨੂੰ ਵੀ ਲੋਕ ਠੁਕਰਾ ਦੇਣਗੇ। ਉਹਨਾਂ ਨੇ ਨਵੀਂ ਜਥੇਬੰਦੀ ਨੂੰ ਆਖਿਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਦੀ ਵਰਤੋਂ ਨਾ ਕਰੇ ਅਤੇ ਕਿਹਾ ਕਿ ਇਸਨੂੰ ਪਹਿਲਾਂ ਆਪਣੇ ਨਾਂ ਤੇ ਪਛਾਣ ਨਾਲ ਲੋਕਾਂ ਵਿਚ ਜਾਣਾ ਚਾਹੀਦਾ ਹੈ ਨਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਵਰਤ ਕੇ ਲੋਕਾਂ ਵਿਚ ਭੰਬਲਭੂਸਾ ਪੈਦਾ ਕਰਨਾ ਚਾਹੀਦਾ ਹੈ।
Leave a Reply